ਅਮਰੀਕੀ ਅਦਾਲਤ ਤੋਂ ਕਮਲਨਾਥ ਨੂੰ ਸੰਮਨ ਜਾਰੀ ਕਰਨ ਦੀ ਮੰਗ


ਨਿਊਯਾਰਕ, 21 ਅਗਸਤ (ਪੰਜਾਬੀ ਟੀਵੀ ਪ੍ਰੈਸ):— ਅਮਰੀਕਾ ਵਿਚ ਸਿੱਖਾਂ ਦੇ ਇਕ ਸੰਗਠਨ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ 1984 ਦੇ ਦੰਗਿਆਂ ਦੇ ਮਾਮਲੇ ਵਿਚ ਅੱਧ ਬਹਿਸ ਦੌਰਾਨ ਹਾਜ਼ਰ ਹੋਣ ਲਈ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਨੂੰ ਸੰਮਨ ਜਾਰੀ ਕੀਤਾ ਜਾਵੇ। ਸੰਮਨ ਅਦਾਲਤਾਂ ਵਲੋਂ ਜਾਰੀ ਹੋਣ ਵਾਲਾ ਉਹ ਆਗਿਆ ਪੱਤਰ ਹੈ, ਜੋ ਹਾਜ਼ਰ ਨਾ ਹੋਣ ਵਾਲੇ ਗਵਾਹਾਂ ਜਾਂ ਮਾਮਲੇ ਨਾਲ ਸਬੰਧਤ ਲੋਕਾਂ ਨੂੰ ਅਦਾਲਤ ਆਉਣ ਲਈ ਜਾਰੀ ਕੀਤਾ ਜਾਂਦਾ ਹੈ। ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਨੇ ਕਮਲਨਾਥ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਸੰਗਠਨ ਦਾ ਦਾਅਵਾ ਹੈ ਕਿ ਕਮਲਨਾਥ ਦਾ ਇਹ ਦਾਅਵਾ ਆਧਾਰਹੀਣ ਹੈ ਕਿ ਉਨ੍ਹਾਂ ਨੂੰ ਵਿਸ਼ੇਸ਼ ਡਿਪਲੋਮੈਟ ਛੋਟ ਮਿਲੀ ਹੋਈ ਹੈ ਕਿਉਂਕਿ ਅਮਰੀਕੀ ਵਿਦੇਸ਼ ਵਿਭਾਗ ਤੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਹੈ। ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪਨੂੰ ਨੇ ਕਿਹਾ ਕਿ ਜੱਜ ਰਾਬਰਟ ਸਵੀਟਸ 21 ਸਤੰਬਰ ਨੂੰ ਬਹਿਸ ਸੁਣਨਗੇ ਅਤੇ ਇਸ ਦੌਰਾਨ ਕਮਲਨਾਥ ਦੇ ਡਿਪਲੋਮੈਟ ਛੋਟ ਸਬੰਧੀ ਦਾਅਵੇ ‘ਤੇ ਸਵਾਲ-ਜਵਾਬ ਕੀਤਾ ਜਾਵੇਗਾ।

ਟਿੱਪਣੀ ਕਰੋ